ਨਵੀਂ ਦਿੱਲੀ-“ਹਿਮਾਚਲ ਦੀ ਐਮ.ਪੀ ਕੰਗਣਾ ਰਣੌਤ ਦੇ ਮਨ-ਆਤਮਾ ਵਿਚ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਜੋ ਨਫਰਤ ਸਪੱਸਟ ਰੂਪ ਵਿਚ ਦਿਖਾਈ ਦੇ ਰਹੀ ਹੈ ਅਤੇ ਜਿਸ ਤਰ੍ਹਾਂ ਉਹ ਅਤਿ ਅਪਮਾਨਜਨਕ ਅਤੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲੇ ਸ਼ਬਦਾਂ ਦੀ ਵਰਤੋ ਕਰਕੇ ਖੁੱਲ੍ਹੇਆਮ ਸਮਾਜ ਵਿਰੋਧੀ ਬਿਆਨਬਾਜੀ ਨਿਰੰਤਰ ਕਰਦੀ ਆ ਰਹੀ ਹੈ । ਬੀਜੇਪੀ ਪਾਰਟੀ ਵੱਲੋ ਉਸ ਵਿਰੁੱਧ ਕੋਈ ਵੀ ਅਨੁਸਾਸਨੀ ਕਾਰਵਾਈ ਨਹੀ ਕੀਤੀ ਜਾ ਰਹੀ । ਇਸ ਤੋ ਸਪੱਸਟ ਹੋ ਜਾਂਦਾ ਹੈ ਕਿ ਇਸ ਬੀਬੀ ਨੂੰ ਸੈਟਰ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਦੀ ਪੂਰੀ ਸਰਪ੍ਰਸਤੀ ਅਤੇ ਸਹਿ ਹੈ । ਇਹੀ ਵਜਹ ਹੈ ਕਿ ਉਹ ਪਾਰਲੀਮੈਟ ਦੀ ਜਿੰਮੇਵਾਰ ਮੈਬਰ ਬਣਨ ਉਪਰੰਤ ਵੀ ਅਜਿਹੇ ਅਮਲ ਕਰ ਰਹੀ ਹੈ, ਜਿਸ ਨਾਲ ਪੰਜਾਬ ਸੂਬੇ ਦੇ ਹਾਲਾਤ ਵਿਸਫੋਟਕ ਬਣਨ ਅਤੇ ਬਹੁਗਿਣਤੀ ਤੇ ਸਿੱਖ ਕੌਮ ਵਿਚ ਵੱਡੀ ਨਫਰਤ ਉਤਪੰਨ ਹੋਵੇ । ਜੇਕਰ ਪਾਰਟੀ ਵੱਲੋ ਉਸ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ, ਇਹ ਅਮਲ ਪ੍ਰਤੱਖ ਕਰਦਾ ਹੈ ਕਿ ਇਸ ਪਿੱਛੇ ਹੁਕਮਰਾਨਾਂ ਦੇ ਸ਼ਰਾਰਤੀ ਦਿਮਾਗ ਕੰਮ ਕਰ ਰਹੇ ਹਨ । ਜੋ ਇਹ ਵੀ ਭੁੱਲ ਜਾਂਦੇ ਹਨ ਕਿ ਇਕ ਵਾਰੀ ਹਾਲਾਤ ਖਰਾਬ ਹੋ ਗਏ ਤਾਂ ਹੁਕਮਰਾਨ ਉਸ ਉਤੇ ਕਾਬੂ ਪਾਉਣ ਤੋ ਅਸਮਰੱਥ ਹੋ ਜਾਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਕੰਗਣਾ ਰਣੌਤ ਐਮ.ਪੀ ਵੱਲੋ ਵਾਰ-ਵਾਰ ਸਿੱਖ ਕੌਮ ਅਤੇ ਸਿੱਖ ਧਰਮ ਵਿਰੁੱਧ ਨਫਰਤ ਭਰੇ ਸ਼ਬਦਾਂ ਰਾਹੀ ਪ੍ਰਚਾਰ ਕਰਨ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਬਣੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਮੁਲਕ ਦੀ ਮੋਦੀ ਹਕੂਮਤ ਦੇ ਹੁਕਮਰਾਨਾਂ ਨੂੰ ਆਪਣੀ ਪਾਰਟੀ ਦੀ ਐਮ.ਪੀ ਦੀਆਂ ਕਾਰਵਾਈਆ ਉਤੇ ਸਖਤੀ ਨਾਲ ਰੋਕ ਲਗਾਕੇ ਉਸ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਹ ਬੀਬੀ ਏਅਰਪੋਰਟ ਮੋਹਾਲੀ ਵਿਖੇ ਬੀਬਾ ਕੁਲਵਿੰਦਰ ਕੌਰ ਤੋਂ ਥੱਪੜ੍ਹ ਖਾਂਣ ਉਪਰੰਤ ਵੀ ਆਪਣੀਆ ਸਮਾਜ ਵਿਰੋਧੀ ਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਤੋ ਤੋਬਾ ਨਹੀ ਕਰ ਸਕੀ ਤਾਂ ਇਸ ਵਿਚ ਇੰਝ ਜਾਪਦਾ ਹੈ ਕਿ ਬੀਬੀ ਕੁਲਵਿੰਦਰ ਕੌਰ ਵੱਲੋ ਇਸਦੀ ਸੇਵਾ ਕਰਨ ਵਿਚ ਕਿਤੇ ਕਮੀ ਰਹਿ ਗਈ ਹੈ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਅਤੇ ਕੰਗਣਾ ਰਣੌਤ ਵਰਗੀਆਂ ਬੀਬੀਆ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਇਤਿਹਾਸਿਕ ਨਾਇਕ ਹਨ । ਜਿਨ੍ਹਾਂ ਨੂੰ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦੇ ਕੇ ਨਿਵਾਜਿਆ ਵੀ ਗਿਆ ਹੈ ਅਤੇ ਉਨ੍ਹਾਂ ਦੀ ਫੋਟੋ ਸਿੱਖ ਅਜਾਇਬਘਰ ਵਿਚ ਸੁਸੋਭਿਤ ਵੀ ਹੈ । ਸਿੱਖ ਕੌਮ ਆਪਣੇ ਨਾਇਕਾਂ ਦੇ ਵਿਰੁੱਧ ਨਾ ਤਾਂ ਬੀਤੇ ਸਮੇ ਵਿਚ ਕੁਝ ਅਪਸ਼ਬਦ ਸੁਣੇ ਹਨ, ਨਾ ਹੁਣ ਸੁਣਨਗੇ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਅਜਿਹੀ ਕਿਸੇ ਕਾਰਵਾਈ ਨੂੰ ਇਜਾਜਤ ਦੇਣਗੇ । ਜੇਕਰ ਹੁਕਮਰਾਨਾਂ ਨੇ ਆਪਣੀ ਅਫਰੀ ਹੋਈ ਇਸ ਐਮ.ਪੀ ਨੂੰ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਤੋ ਰੋਕਣ ਲਈ ਕੋਈ ਅਮਲ ਨਾ ਕੀਤਾ ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ । ਸ. ਮਾਨ ਨੇ ਕੰਗਣਾ ਰਣੌਤ ਵੱਲੋ ਬਣਾਈ ਐਮਰਜੈਸੀ ਫਿਲਮ ਵਿਚ ਸੰਤ ਭਿੰਡਰਾਂਵਾਲਿਆ ਸੰਬੰਧੀ ਅਤੇ ਸਿੱਖਾਂ ਵੱਲੋ ਬੱਸਾਂ ਵਿਚੋ ਕੱਢਕੇ ਹਿੰਦੂਆਂ ਨੂੰ ਮਾਰਨ ਦੇ ਦ੍ਰਿਸ ਦਿਖਾਕੇ ਜੋ ਸੰਤ ਭਿੰਡਰਾਂਵਾਲਿਆ ਅਤੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਠੇਸ ਪਹੁੰਚਾਉਣ ਦੀ ਕੋਸਿਸ ਕੀਤੀ ਹੈ, ਉਹ ਨਾਬਰਦਾਸਤ ਕਰਨ ਯੋਗ ਹੈ । ਜਦੋਕਿ ਸਭ ਨੂੰ ਇਹ ਜਾਣਕਾਰੀ ਵੀ ਹੈ ਕਿ ਉਸ ਸਮੇ ਸਿੱਖੀ ਭੇਖ ਵਿਚ ਇੰਡੀਅਨ ਏਜੰਸੀਆ ਦੇ ਬੰਦਿਆ ਨੇ ਬੱਸਾਂ ਵਿਚੋ ਹਿੰਦੂਆਂ ਨੂੰ ਕੱਢਕੇ ਮਾਰਦੇ ਰਹੇ ਹਨ ਤਾਂ ਕਿ ਇਕ ਤਾਂ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਦੂਸਰਾ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਿੱਖ ਕੌਮ ਉਤੇ ਤਸੱਦਦ ਢਾਹਿਆ ਜਾ ਸਕੇ । ਇਥੋ ਦੇ ਨਿਵਾਸੀਆ ਨੂੰ ਇਹ ਵੀ ਜਾਣਕਾਰੀ ਹੈ ਕਿ ਜਿਸ ਸਿੱਖ ਕੌਮ ਨੇ ਆਜਾਦੀ ਦੇ ਸੰਘਰਸ ਦੌਰਾਨ 90% ਫਾਸੀਆਂ, ਕਾਲੇਪਾਣੀ ਦੀ ਸਜ਼ਾ ਤੇ ਹੋਰ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆ ਹਨ, ਜਿਨ੍ਹਾਂ ਨੂੰ ਮੁਗਲਾਂ ਦੇ ਹਮਲੇ ਸਮੇ ਹਿੰਦੂਆਣੀਆ ਇਹ ਕਹਿਕੇ ਪੁਕਾਰਦੀਆਂ ਰਹੀਆ ਹਨ ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’, ‘ਆ ਗਏ ਨਿਹੰਗ ਬੂਹੇ ਖੋਲਦੋ ਨਿਸੰਗ’ ਉਸ ਸਿੱਖੀ ਕਿਰਦਾਰ ਨੂੰ ਇਹ ਲੋਕ ਭੁੱਲਕੇ ਅਕ੍ਰਿਤਘਣਤਾ ਕਰਕੇ ਜੇਕਰ ਅੱਜ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਇਸ ਵਰਤਾਰੇ ਵਿਚ ਸਿੱਖ ਕੌਮ ਬਿਲਕੁਲ ਸਰੂਖਰ ਹੈ, ਹਿੰਦੂਤਵ ਹੁਕਮਰਾਨ, ਏਜੰਸੀਆ ਅਤੇ ਕੰਗਣਾ ਰਣੌਤ ਵਰਗੇ ਸਮਾਜ ਵਿਰੋਧੀ ਅਨਸਰ ਇਸ ਮੁਲਕ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੇ ਭਾਗੀ ਹੋਣਗੇ । ਨਾ ਕਿ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ। ਇਸ ਲਈ ਬਿਹਤਰ ਹੋਵੇਗਾ ਕਿ ਹੁਕਮਰਾਨ ਅਤੇ ਅਜਿਹੇ ਸਿੱਖ ਵਿਰੋਧੀ ਨਫਰਤ ਰੱਖਣ ਵਾਲੇ ਲੋਕ ਸਹੀ ਸਮੇ ਤੇ ਆਪਣੀ ਆਤਮਾ ਵਿਚ ਪਣਪ ਰਹੀ ਨਫਰਤ ਨੂੰ ਦੂਰ ਕਰਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਮਲ ਕਰਨ ।